ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਨੇ ਨੂਰਪੁਰ ਬੇਦੀ ਅਤੇ ਆਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਮੱਕੀ ਦੇ ਖੇਤਾਂ ਦੇ ਸਰਵੇਖਣ ਕੀਤਾ। ਸਰਵੇਖਣ ਦੇ ਦੌਰਾਨ ਮੱਕੀ ਵਿੱਚ ਫ਼ਾਲ ਆਰਮੀਵਰਮ ਕੀੜੇ ਦਾ ਹਮਲਾ ਵੱਖ-ਵੱਖ ਖੇਤਾਂ ਵਿੱਚ ਦੇਖਿਆ ਹੈ ਜੋ ਕਿ ਹਾਲੇ ਸ਼ੁਰੂਆਤੀ ਪੱਧਰ ਤੇ ਹੈ। ਉਹਨਾਂ ਨੇ ਮੱਕੀ ਉਪਰ ਫ਼ਾਲ ਆਰਮੀਵਰਮ ਕੀੜੇ ਦੇ ਹਮਲੇ ਅਤੇ ਨੁਕਸਾਨ ਤੋਂ ਬਚਣ ਲਈ ਕਿਸਾਨਾ ਨੂੰ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ।
ਇਸ ਕੀੜੇ ਦੀ ਸੁੰਡੀ ਦੀ ਪਹਿਚਾਣ ਕਰਨ ਲਈ ਦੱਸਿਆ ਕਿ ਇਸ ਸੁੰਡੀ ਦੇ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਵਾਈ (Y) ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਇਸ ਕੀੜੇ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਹਮਲੇ ਦੀ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਵੱਡੀਆਂ ਸੁੰਡੀਆਂ ਪੱਤਿਆਂ ਉਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਹਮਲੇ ਵਾਲੀ ਗੋਭ ਵਿੱਚ ਭਾਰੀ ਮਾਤਰਾ ਵਿੱਚ ਇਸ ਦੀਆਂ ਵਿੱਠਾਂ ਹੁੰਦੀਆਂ ਹਨ। ਇਸ ਕੀੜੇ ਦੀ ਖਾਸ ਤੌਰ ਤੇ ਦੱਸ ਤੋਂ ਚਾਲੀ ਦਿਨਾਂ ਤੱਕ ਦੀ ਫ਼ਸਲ ਪਸੰਦੀਦਾ ਖੁਰਾਕ ਹੈ। ਇਸ ਸਮੇਂ ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਪ੍ਰਤੀ ਪੂਰੀ ਤਰਾਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਫ਼ਸਲ ਦੀ ਇਹ ਅਵਸਥਾ ਕੀੜੇ ਦੇ ਹਮਲੇ ਲਈ ਅਨੁਕੂਲ ਹੈ।
ਕੀੜੇ ਦਾ ਹਮਲਾ ਦਿਖਾਈ ਦੇਣ ਤੇ ਉਸੇ ਵੇਲੇ ਇਸ ਦੀ ਰੋਕਥਾਮ ਲਈ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ। ਛਿੜਕਾਅ ਕਰਨ ਲਈ ਗੋਲ ਨੋਜ਼ਲ ਦੀ ਵਰਤੋਂ ਕਰੋ ਅਤੇ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰਖੋ, ਕਿਉਂਕਿ ਸੁੰਡੀ ਗੋਭ ਵਿੱਚ ਖਾਣਾ ਪਸੰਦ ਕਰਦੀ ਹੈ।ਜੇ ਹਮਲਾ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾਓ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ) ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 5 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਰਲਾਓ। ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ। ਖੇਤ ਵਿੱਚ ਕੀੜੇ ਦਾ ਹਮਲਾ ਹੋਣ ਦੀ ਸੂਰਤ ਵਿੱਚ ਕਿਸਾਨ ਕ੍ਰਿਸ਼ੀ ਵਿਗਆਨ ਕੇਂਦਰ, ਰੋਪੜ ਨਾਲ ਸੰਪਰਕ ਵੀ ਕਰ ਸਕਦੇ ਹਨ ।